ਭਾਰੀ ਮੀਂਹ ਨੇ ਧੋਤੇ ਝੋਨੇ ਤੇ ਨਰਮੇ ਦੇ ਦੁੱਖ

ਪੱਤਾ ਲਪੇਟ ਬਿਮਾਰੀ ਕਾਰਨ ਝੋਨੇ ਦੇ ਪੱਤੇ ਪੀਲੇ ਪੈਣ ਲੱਗੇ ਹਨ। ਪੱਤਾ ਲਪੇਟ ਬਿਮਾਰੀ ਬੂਟੇ ਦੇ ਗੋਭੇ ’ਚ ਰਸ ਨਹੀਂ ਭਰਨ ਦਿੰਦੀ ਹੈ, ਜਿਸ ਕਾਰਨ ਫ਼ਸਲ ਦਾ ਝਾੜ ਘਟਣ ਦਾ ਖ਼ਦਸ਼ਾ ਹੁੰਦਾ ਹੈ। ਸੋਕੇ ਤੇ ਨਮੀ ਦੇ ਮੌਸਮ ’ਚ ਇਹ ਬਿਮਾਰੀ ਜ਼ਿਆਦਾ ਫੈਲਦੀ ਹੈ। ਖੇਤੀਬਾੜੀ ਵਿਭਾਗ ਨੇ ਦਸ ਫ਼ੀਸਦ ਤੋਂ ਵੱਧ ਮਾਰ ਵਾਲੇ ਖੇਤਾਂ ’ਚ ਹੀ ਦਵਾਈ ਛਿੜਕਣ ਦੀ ਲੋੜ ਦੱਸੀ ਹੈ। ਖੇਤੀਬਾੜੀ ਵਿਭਾਗ ਕੋਲ ਚਾਰ ਜ਼ਿਲ੍ਹਿਆਂ ਜਲੰਧਰ, ਨਵਾਂ ਸ਼ਹਿਰ, ਫ਼ਿਰੋਜ਼ਪੁਰ ਤੇ ਅੰਮ੍ਰਿਤਸਰ ’ਚ ਝੋਨੇ ਨੂੰ ਪੱਤਾ ਲਪੇਟ ਪੈਣ ਦੀ ਸੂਚਨਾ ਹੈ ਪਰ ਗ਼ੈਰਸਰਕਾਰੀ ਜਾਣਕਾਰੀ ਮੁਤਾਬਕ ਪੂਰੇ ਦੋਆਬੇ, ਫ਼ਾਜ਼ਿਲਕਾ ਤੇ ਅਬੋਹਰ ਦੇ ਇਲਾਕੇ ਵੀ ਇਸ ਬਿਮਾਰੀ ਦੀ ਲਪੇਟ ’ਚ ਹਨ। ਰਾਜ ’ਚ ਕਈ ਹੋਰ ਥਾਈਂ ਵੀ ਇਹ ਬਿਮਾਰੀ ਪੈਣ ਲੱਗੀ ਸੀ ਪਰ ਭਰਵੇਂ ਮੀਂਹ ਨੇ ਇਸ ਨੂੰ ਧੋ ਦਿੱਤਾ ਹੈ। ਉਂਝ ਪੱਤਾ ਲਪੇਟ ਨੂੰ ਸਤੰਬਰ ਤੇ ਅਕਤੂਬਰ ਮਹੀਨੇ ਦੀ ਬਿਮਾਰੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਜੁਲਾਈ ’ਚ ਹੀ ਪੈ ਗਈ ਹੈ।

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਯੂਰੀਆ ਵੀ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਨਾ ਪਾਉਣ ਦੀ ਸਲਾਹ ਦਿੱਤੀ ਹੈ। ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ਪੱਤਾ ਲਪੇਟ ਬਿਮਾਰੀ ਬਹੁਤੇ ਥਾਈਂ ਮੀਂਹ ਕਾਰਨ ਆਪਣੇ ਆਪ ਖ਼ਤਮ ਹੋ ਗਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਦਵਾਈ ਦੇ ਛਿੜਕਾਅ ਤੋਂ ਪਹਿਲਾਂ ਹੋਰ ਇਕ ਅੱਧਾ ਦਿਨ ਮੀਂਹ ਉਡੀਕਣ ਦੀ ਸਲਾਹ ਦਿੱਤੀ ਹੈ। ਨਵਾਂ ਸ਼ਹਿਰ ਜ਼ਿਲ੍ਹੇ ਦੇ ਕਿਸਾਨ ਜਸਬੀਰ ਸਿੰਘ ਸਾਧ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪਏ ਮੀਂਹ ਨਾਲ ਬਿਮਾਰੀ ਲਗਪਗ ਖ਼ਤਮ ਹੋ ਗਈ ਹੈ। ਜਲੰਧਰ ਦੇ ਪਿੰਡ ਬੱਲਾਂ ਦੇ ਕਿਸਾਨ ਬਲਵੰਤ ਸਿੰਘ ਨੇ ਕਿਹਾ ਕਿ ਉਹ ਸੋਕੇ ਤੇ ਪੱਤਾ ਲਪੇਟ ਬਿਮਾਰੀ ਦੀ ਦੂਹਰੀ ਮਾਰ ਝੱਲ ਰਹੇ ਹਨ।
ਚਿੱਟੀ ਮੱਖੀ ਦੇ ਖੰਭ ਝੜਨ ਦੀ ਬੱਝੀ ਉਮੀਦ
ਨਰਮਾ ਪੱਟੀ ‘ਚ ਅੱਜ ਪਏ ਭਰਵੇਂ ਮੀਂਹ ਨੇ ‘ਚਿੱਟੀ ਮੱਖੀ’ ਦੇ ਖੰਭ ਭੰਨ ਦਿੱਤੇ ਹਨ। ਖੁਸ਼ਕ ਮੌਸਮ ਕਾਰਨ ‘ਚਿੱਟੀ ਮੱਖੀ’ ਨੇ ਖੰਭ ਖਿਲਾਰ ਲਏ ਸਨ। ਖੇਤੀ ਮਹਿਕਮੇ ਨੇ ਅੱਜ ਮੀਂਹ ਮਗਰੋਂ ਸੁੱਖ ਦਾ ਸਾਹ ਲਿਆ ਹੈ ਅਤੇ ਕਿਸਾਨਾਂ ਨੂੰ ਵੀ ਢਾਰਸ ਬੱਝੀ ਹੈ। ਐਤਕੀਂ ਪੰਜਾਬ ’ਚ 3.84 ਲੱਖ ਹੈਕਟੇਅਰ ਰਕਬੇ ’ਚ ਨਰਮਾ-ਕਪਾਹ ਬੀਜਿਆ ਗਿਆ ਹੈ ਅਤੇ ਕੈਪਟਨ ਸਰਕਾਰ ਲਈ ਇਹ ਫ਼ਸਲ ਚੁਣੌਤੀ ਤੋਂ ਘੱਟ ਨਹੀਂ ਹੈ। ਹੁਣ 15 ਅਗਸਤ ਤਕ ਸਮਾਂ ਚਿੱਟੀ ਮੱਖੀ ਤੋਂ ਬਚਾਅ ਲਈ ਅਹਿਮ ਮੰਨਿਆ ਜਾ ਰਿਹਾ ਹੈ।

ਨਰਮਾ ਪੱਟੀ ’ਚ ਅੱਜ ਦੁਪਹਿਰ ਸਮੇਂ ਮੀਂਹ ਸ਼ੁਰੂ ਹੋਇਆ ਤੇ ਸ਼ਾਮ ਤਕ ਬਠਿੰਡਾ, ਮਾਨਸਾ ਤੇ ਮੁਕਤਸਰ ਦੇ ਕੁਝ ਖਿੱਤੇ ਪੂਰੀ ਤਰ੍ਹਾਂ ਨੁਆ ਦਿੱਤੇ।
ਪੰਜਾਬ ਖੇਤੀਬਾੜੀ ’ਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਅੱਜ ਬਠਿੰਡਾ ’ਚ 52 ਐਮਐਮ ਮੀਂਹ ਪਿਆ ਹੈ। ਸੰਗਤ ਇਲਾਕੇ ਦੇ ਕੁਝ ਪਿੰਡਾਂ ’ਚ ਹਲਕੀ ਬਾਰਸ਼ ਹੋਈ ਹੈ। ਖੇਤੀਬਾੜੀ ਵਿਭਾਗ ਦੇ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੀਂਹ ਨਾਲ ਚਿੱਟੀ ਮੱਖੀ ਦਾ ਪ੍ਰਕੋਪ ਘਟੇਗਾ ਅਤੇ ਝੋਨਾ ਕਾਸ਼ਤਕਾਰਾਂ ਨੂੰ ਵੀ ਫਾਇਦਾ ਹੋਵੇਗਾ। ਖੇਤੀ ਮਾਹਿਰ ਮੁਤਾਬਕ ਮੀਂਹ ਨਾਲ ਚਿੱਟੀ ਮੱਖੀ ਝੜ ਜਾਂਦੀ ਹੈ। ਪਰ ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਮੀਂਹ ਨਾਲ ਚਿੱਟੀ ਮੱਖੀ ਤੋਂ ਕਿਸਾਨਾਂ ਨੂੰ ਆਰਜ਼ੀ ਰਾਹਤ ਮਿਲੇਗੀ ਕਿਉਂਕਿ ਉਹ ਮੀਂਹਾਂ ਤੋਂ ਆਪਣਾ ਬਚਾਅ ਕਰ ਲੈਂਦੀ ਹੈ। ਪਿੰਡ ਜੋਧਪੁਰ ਰੋਮਾਣਾ ਦੇ ਕਿਸਾਨ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕੀਟਨਾਸ਼ਕਾਂ ਦੇ ਛਿੜਕਾਅ ਦੀ ਤਿਆਰੀ ਕਰ ਲਈ ਸੀ ਪਰ ਮੀਂਹ ਨੇ ਠੁੰਮਣਾ ਦਿੱਤਾ ਹੈ। ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ (ਕਾਟਨ) ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਪਏ ਮੀਂਹ ਨਾਲ ਚਿੱਟੀ ਮੱਖੀ ਦੇ ਹਮਲੇ ਨੂੰ ਠੱਲ੍ਹ ਪਵੇਗੀ ਅਤੇ ਜੇਕਰ ਸਭ ਠੀਕ ਰਿਹਾ ਤਾਂ ਐਤਕੀਂ ਨਰਮੇ ਦੀ ਪੈਦਾਵਾਰ ਚੰਗੀ ਰਹਿਣ ਦੀ ਉਮੀਦ ਹੈ।

Leave a Reply

Your email address will not be published. Required fields are marked *

*

x

Check Also

ਹੁਣ ਸਿਰਫ 100 ਦਿਨ ਵਿੱਚ ਤਿਆਰ ਹੋਵੇਗੀ ਨਰਮੇ ਦੀ ਫ਼ਸਲ, ਆ ਗਈ ਨਰਮੇ ਦੀ ਨਵੀਂ ਕਿਸਮ

ਨਰਮੇ ਦੀ ਖੇਤੀ ਦੇ ਤਿਆਰ ਹੋਣ ਵਿੱਚ ਲੱਗਣ ਵਾਲੇ ਜਿਆਦਾ ਸਮਾਂ ਅਤੇ ਪਾਣੀ ਦੀ ਵਜ੍ਹਾ ...