ਨੌਜਵਾਨਾਂ ਬਦਲੀ ਪਿੰਡ ਦੀ ਤਕਦੀਰ, ਨਹੀਂ ਰਿਹਾ ਕੋਈ ਗਰੀਬ, 50 ਤੋਂ ਵੱਧ ਕਰੋੜਪਤੀ

ਨੌਜਵਾਨਾਂ ਬਦਲੀ ਪਿੰਡ ਦੀ ਤਕਦੀਰ, ਨਹੀਂ ਰਿਹਾ ਕੋਈ ਗਰੀਬ, 50 ਤੋਂ ਵੱਧ ਕਰੋੜਪਤੀ
ਚੰਡੀਗੜ੍ਹ: ਮਹਾਰਾਸ਼ਟਰ ਦਾ ਜ਼ਿਕਰ ਆਉਂਦਿਆਂ ਹੀ ਸੋਕੇ ਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਦਾ ਚੇਤਾ ਆਉਂਦਾ ਹੈ। ਦੂਜੇ ਪਾਸੇ ਮਹਾਰਾਸ਼ਟਰ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਨਾ ਤਾਂ ਪੀਣ ਦੇ ਪਾਣੀ ਦੀ ਦਿੱਕਤ ਹੈ ਤੇ ਨਾ ਹੀ ਕੋਈ ਗ਼ਰੀਬੀ ਹੈ। ਇਸ ਪਿੰਡ ਵਿੱਚ ਪੰਜਾਹ ਤੋਂ ਵਧ ਕਰੋੜਪਤੀ ਕਿਸਾਨ ਰਹਿੰਦੇ ਹਨ।

ਮਹਾਰਾਸ਼ਟਰ ਦੇ ਅਹਿਮਦ ਨਗਰ ਜ਼ਿਲ੍ਹੇ ਵਿੱਚ ਹਿਵਰੇ ਬਾਜ਼ਾਰ ਅਜਿਹਾ ਪਿੰਡ ਹੈ ਜਿਸ ਵਿੱਚ ਵੜਦੇ ਹੀ ਕਿਸੇ ਫ਼ਿਲਮੀ ਸੈੱਟ ‘ਤੇ ਆਉਣ ਦਾ ਅਹਿਸਾਸ ਹੁੰਦਾ ਹੈ। ਇਸ ਪਿੰਡ ਵਿੱਚ ਨਾ ਤਾਂ ਕੋਈ ਰਾਜਨੀਤੀ ਹੁੰਦੀ ਹੈ ਤੇ ਨਾ ਹੀ ਸਰਕਾਰੀ ਪੈਸੇ ਦੀ ਦੁਰਵਰਤੋਂ। ਵੱਡੀ ਗੱਲ ਇਹ ਹੈ ਕਿ ਹਰਿਆਲੀ ਭਰੇ ਇਸ ਪਿੰਡ ਦੇ ਨਿਵਾਸੀ ਨੌਕਰੀਆਂ ਲਈ ਸ਼ਹਿਰ ਜਾਣਾ ਪਸੰਦ ਨਹੀਂ ਕਰਦੇ ਸਗੋਂ ਪਿੰਡ ਵਿੱਚ ਰਹਿ ਕੇ ਹੀ ਖੇਤੀਬਾੜੀ ਜਾਂ ਆਪਣਾ ਹੀ ਕੋਈ ਰੁਜ਼ਗਾਰ ਕਰਦੇ ਹਨ।

ਇਹ ਹਾਲਾਤ ਹਮੇਸ਼ਾ ਤੋਂ ਅਜਿਹੇ ਨਹੀਂ ਸੀ। ਵੀਹ ਸਾਲ ਪਹਿਲਾਂ ਇਸ ਪਿੰਡ ਦੀ ਹਾਲਤ ਮਹਾਰਾਸ਼ਟਰ ਦੇ ਹੀ ਕਿਸੇ ਹੋਰ ਪਿੰਡ ਜਿਹੀ ਸੀ। ਪਾਣੀ ਦੀ ਘਾਟ ਕਰਕੇ ਫ਼ਸਲਾਂ ਨਹੀਂ ਸੀ ਹੁੰਦੀਆਂ। ਕਿਸਾਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਸੀ। ਲੋਕ ਸ਼ਰਾਬ ਪੀਣ ਦੇ ਆਦੀ ਸਨ ਤੇ ਪਿੰਡ ‘ਚ ਰਹਿਣ ਨੂੰ ਹੀ ਕੋਈ ਰਾਜ਼ੀ ਨਹੀਂ ਸੀ। ਸਾਲ 1989 ‘ਚ ਪਿੰਡ ਦੇ ਕੁਝ ਨੌਜਵਾਨਾਂ ਨੇ ਪਿੰਡ ਦੀ ਤਸਵੀਰ ਬਦਲਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਇੱਕ ਸਾਲ ਲਈ ਪਿੰਡ ਦੇ ਸਾਰੇ ਫ਼ੈਸਲੇ ਆਪਣੇ ਹੱਥ ਰੱਖਣ ਦੀ ਮੰਗ ਕੀਤੀ। ਪਹਿਲਾਂ ਤਾਂ ਇਸ ਗੱਲ ਦਾ ਵਿਰੋਧ ਹੋਇਆ ਪਰ ਫੇਰ ਉਨ੍ਹਾਂ ਦੀ ਗੱਲ ਮੰਨ ਲਈ ਗਈ।

ਇੱਕ ਸਾਲ ਦੌਰਾਨ ਹੀ ਪਿੰਡ ਦੇ ਹਾਲਾਤ ‘ਚ ਸੁਧਾਰ ਹੋਣ ਲੱਗਾ। ਪਿੰਡ ਵਾਸੀਆਂ ਨੇ ਪਿੰਡ ਦਾ ਕੰਮਕਾਜ ਆਉਣ ਵਾਲੇ ਪੰਜ ਸਾਲਾਂ ਲਈ ਉਨ੍ਹਾਂ ਨੌਜਵਾਨਾਂ ਦੇ ਹੱਥ ਦੇ ਛੱਡਿਆ। ਪੋਪਟ ਰਾਓ ਪਵਾਰ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ। ਪੋਪਟ ਰਾਓ ਪਾਵਰ ਪੁਣੇ ਤੋਂ ਐਮ ਕਾਮ ਦੀ ਪੜ੍ਹਾਈ ਪੂਰੀ ਕਰਕੇ ਪਿੰਡ ਪਰਤੇ ਸਨ। ਉਨ੍ਹਾਂ ਵੇਖਿਆ ਕੇ ਪਿੰਡ ਦੇ ਕੁੱਲ ਰਕਬੇ ਦਾ ਮਾਤਰ 12 ਫ਼ੀਸਦੀ ਹੀ ਖੇਤੀ ਦੇ ਕੰਮ ਆ ਰਿਹਾ ਸੀ। ਮੀਂਹ ‘ਚ ਪਿੰਡ ਦੇ ਟੋਭੇ ਭਰ ਜਾਂਦੇ ਤੇ ਮੁੜ ਕੁਝ ਦਿਨਾਂ ਮਗਰੋਂ ਸੋਕਾ ਪੈ ਜਾਂਦਾ। ਪਾਣੀ ਤੇ ਸਿੰਚਾਈ ਦਾ ਹੋਰ ਕੋਈ ਜ਼ਰੀਆਂ ਨਹੀਂ ਸੀ। ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ।

ਪੋਪਟ ਨੌਜਵਾਨਾਂ ਦੀ ਟੀਮ ਬਣਾ ਕੇ ਸਰਕਾਰੀ ਅਫ਼ਸਰਾਂ ਕੋਲ ਗਏ। ਪਿੰਡ ‘ਚ ਕਾਰਸੇਵਾ ਕਰਕੇ ਵੱਡੇ ਟੋਭੇ ਤਿਆਰ ਕੀਤੇ ਤੇ ਪਾਣੀ ਬਚਾਓ ਮੁਹਿੰਮ ਸ਼ੁਰੂ ਕੀਤੀ। ਇਸ ਪਾਣੀ ਦਾ ਸਿੰਚਾਈ ਲਈ ਸਹੀ ਇਸਤੇਮਾਲ ਕੀਤਾ ਗਿਆ। ਤਿੰਨ ਸਾਲ ਮਗਰੋਂ ਪਿੰਡ ਦੀਆਂ ਖੂਹੀਆਂ ‘ਚ ਪਾਣੀ ਦਾ ਲੈਵਲ ਉੱਪਰ ਆ ਗਿਆ। ਪਾਣੀ ਹੋਣ ਕਰਕੇ ਪਿੰਡ ਦੇ ਲੋਕਾਂ ਨੇ ਖੇਤੀ ਦੇ ਨਾਲ ਬਾਗ਼ਬਾਨੀ ਸ਼ੁਰੂ ਕੀਤੀ ਤੇ ਡੇਅਰੀ ਫਾਰਮਿੰਗ ਵੀ ਸ਼ੁਰੂ ਕੀਤੀ। ਨਤੀਜੇ ਸਾਰਿਆਂ ਲਈ ਬੜੇ ਹੈਰਾਨ ਕਰਨ ਵਾਲੇ ਸਨ। ਪਿੰਡ ਦੇ ਲੋਕਾਂ ਦੀ ਆਮਦਨ 850 ਰੁਪਏ ਤੋਂ ਵਧ ਕੇ 30 ਹਜ਼ਾਰ ਰੁਪਏ ਹੋ ਗਈ।

ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕੇ ਇਸ ਪਿੰਡ ਵਿੱਚ ਆਮਦਨ ਤੇ ਖ਼ਰਚੇ ਦਾ ਨਹੀਂ ਸਗੋਂ ਪਾਣੀ ਦਾ ਆਡਿਟ ਹੁੰਦਾ ਹੈ। ਢਾਈ ਰੁਪਏ ਵਿੱਚ ਹਰ ਰੋਜ਼ ਹਰ ਘਰ ਵਿੱਚ ਪੰਜ ਸੌ ਲੀਟਰ ਪਾਣੀ ਪਹੁੰਚਦਾ ਹੈ। ਪਿੰਡ ਵਿੱਚ 350 ਖੂਹ ਤੇ 16 ਟਿਊਬਵੈਲ ਹਨ। ਪਿੰਡ ਵਿੱਚ 216 ਪਰਿਵਾਰ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਪੰਜਾਹ ਤੋਂ ਵਧ ਕਰੋੜਪਤੀ ਹਨ। ਸਾਲਾਨਾ ਆਮਦਨ 10 ਲੱਖ ਤੋਂ ਵਧ ਹੈ।
ਇਸ ਖ਼ਬਰ ਦੀ ਵੀਡੀਓ ਦੇਖਣ ਲਈ ਹੇਠ ਕਲਿੱਕ ਕਰੋ ਜੀ..

Leave a Reply

Your email address will not be published. Required fields are marked *

*