ਸਾਉਣੀ ਦੀ ਮੁੱਖ ਫਸਲ ਝੋਨੇ ਲਈ ਪੰਜਾਬ ਅੰਦਰ ਲੇਬਰ ਅਤੇ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨੂੰ ਸਮਝਦੇ ਹੋਏ ਕਿਸਾਨਾਂ ਨੂੰ ਵੱਧ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ।ਜਿਸ ਨਾਲ ਪ੍ਰਤੀ ਏਕੜ 6000 ਰੁਪਿਆ ਦੀ ਬੱਚਤ ਹੁੰਦੀ ਹੈ ।
ਪਰ ਨਾਲ ਹੀ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਹਲਕੀਆਂ ਅਤੇ ਉੱਚੀਆਂ ਜ਼ਮੀਨਾਂ ਦੀ ਚੋਣ ਨਹੀਂ ਕਰਨੀ ਚਾਹੀਦੀ, ਸਿਰਫ ਭਾਰੀਆਂ ਅਤੇ ਜ਼ਰਖੇਜ਼ ਜ਼ਮੀਨਾਂ ਵਿੱਚ ਹੀ ਸਿੱਧੀ ਬਿਜਾਈ ਕੀਤੀ ਜਾਵੇ ਕਿਉਂਕਿ ਹਲਕੀਆਂ ਜ਼ਮੀਨਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਕਾਰਨ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦੀ ਫਸਲ ਵਿੱਚ ਲੋਹੇ ਦੀ ਘਾਟ ਬਹੁਤ ਆ ਜਾਂਦੀ ਹੈ।
ਜਿਨ੍ਹਾਂ ਖੇਤਾਂ ਵਿੱਚ ਜਿੱਥੇ ਮਧਾਨਾ ਅਤੇ ਗੰਢ ਵਾਲੇ ਡੀਲੇ ਦੀ ਵਧੇਰੇ ਸਮੱਸਿਆ ਹੋਵੇ, ਉਹਨਾਂ ਖੇਤਾਂ ਦੀ ਚੋਣ ਵੀ ਸਿੱਧੀ ਬਿਜਾਈ ਲਈ ਨਹੀਂ ਕਰਨੀ ਚਾਹੀਦੀ। ਸਿੱਧੀ ਬਿਜਾਈ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰ ਲਿਆ ਜਾਵੇ ਤਾਂ ਜੋ ਪਾਣੀ ਇੱਕਸਾਰ ਲੱਗ ਸਕੇ ਅਤੇ ਪਾਣੀ ਦੀ ਬੱਚਤ ਵੀ ਹੋ ਸਕੇ। ਬਾਸਮਤੀ ਦੀ ਬਿਜਾਈ ਵੀ ਸਿੱਧੀ ਬਿਜਾਈ ਵਿਧੀ ਨਾਲ ਕੀਤੀ ਜਾ ਸਕਦੀ ਹੈ।
ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕੀਤੀ ਜਾਵੇ , 8 ਕਿਲੋ ਬੀਜ ਦੀ ਸੋਧ 1 ਗਰਾਮ ਸਟ੍ਰੈਪਟੋਸਾਈਕਲੀਨ ਅਤੇ 20 ਗਰਾਮ ਬਵਿਸਟਨ ਦਵਾਈ ਨਾਲ ਕਰਾਈ ਜਾਵੇ , ਬਿਜਾਈ ਨੂੰ ਡਰਿੱਲ ਰਾਹੀ ਕਰਨ ਨੂੰ ਤਰਜੀਹ ਦਿੱਤੀ ਜਾਵੇ ਅਤੇ ਬਿਜਾਈ ਤੋਂ ਤੁਰੰਤ ਬਾਅਦ ਪਹਿਲਾਂ ਪਾਣੀ ਦਿੱਤਾ ਜਾਵੇ । ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ – ਅੰਦਰ ਇੱਕ ਲੀਟਰ ਸਟੌਂਪ 30 ਈ.ਸੀ. (ਪੈਡੀਮੈਥਾਲੀਨ) 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸਪਰੇ ਕਰਾਈ ਜਾਵੇ ।
ਜੇਕਰ ਫਿਰ ਵੀ ਨਦੀਨ ਉੱਗ ਪੈਂਦੇ ਹਨ ਤਾਂ ਬਿਜਾਈ ਤੋਂ 20-25 ਦਿਨ ਬਾਅਦ 100 ਮਿਲੀ ਲੀਟਰ ਨੋਮਨੀ ਗੋਲਡ 10 ਐਸ.ਸੀ. ਜਾਂ 16 ਗਰਾਮ ਸੈਗਮੈਟ 50 ਡੀ.ਐਫ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ, ਕੋਸਿਸ ਕੀਤੀ ਜਾਵੇ ਕਿ ਛਿੜਕਾਅ ਸਾਮ ਵੇਲੇ ਕੀਤਾ ਜਾਵੇ, ਖਾਦਾਂ ਦੀ ਵਰਤੋਂ ਯੂਨੀਵਰਸਿਟੀ ਦੀਆਂ ਸਿਫਾਰਸਾਂ ਅਨੁਸਾਰ ਕੀਤੀ ਜਾਵੇ।
ਕਿਸਾਨਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਇਸ ਫਸਲ ਵਿੱਚ ਛੋਟੇ ਤੱਤਾਂ ਦੀ ਘਾਟ ਆਉਣ ਦੀ ਸੰਭਾਵਨਾਂ ਜਿਆਦਾ, ਇਸ ਲਈ ਜਿੰਕ ਅਤੇ ਲੋਹੇ ਦੀ ਘਾਟ ਪੂਰੀ ਕਰਨ ਲਈ ਸਪਰੇਅ ਕੀਤੀ ਜਾ ਸਕਦੀ । ਸਿੱਧੀ ਬਿਜਾਈ ਵਾਲੇ ਖੇਤਾਂ ਦੀ ਲਗਾਤਾਰ ਵਿਜਟ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਸਮੇ- ਸਮੇ ਤੇ ਫਸਲ ਸਬੰਧੀ ਜਾਣੂ ਕਰਵਾਇਆ ਜਾਵੇ ।
ਸਿੱਧੀ ਬਿਜਾਈ ਨਾਲ ਬੀਜੇ ਝੋਨੇ ਨੂੰ 130 ਕਿੱਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਬਿਜਾਈ ਤੋਂ 2, 5 ਅਤੇ 9 ਹਫਤਿਆਂ ਬਾਅਦ ਛੱਟੇ ਨਾਲ ਪਾਉਣਾ ਚਾਹੀਦਾ ਹੈ। ਕਿਸਾਨਾਂ ਨੂੰ ਫਾਸਫੋਰਸ ਅਤੇ ਪੋਟਾਸ਼ ਖਾਦ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ ‘ਤੇ ਹੀ ਕਰਨੀ ਚਾਹੀਦੀ ਹੈ। ਜੇਕਰ ਕਣਕ ਦੀ ਫਸਲ ਵਿੱਚ ਫਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੈ ਤਾਂ ਝੋਨੇ ਦੀ ਫਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੈ।
ਆਮ ਤੌਰ ”ਤੇ ਪਨੀਰੀਆਂ ਨਾਲ ਬੀਜੇ ਗਏ ਝੋਨੇ ਨੂੰ ਜਿਥੇ ਹਫ਼ਤੇ ”ਚ 3-4 ਵਾਰ ਪਾਣੀ ਦੇਣਾ ਪੈਂਦਾ ਹੈ, ਉਥੇ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਹਫ਼ਤੇ ”ਚ ਇਕ ਵਾਰ ਪਾਣੀ ਦੀ ਲੋੜ ਹੈ। ਪਨੀਰੀ ਨਾਲ ਝੋਨੇ ਦੀ ਬਿਜਾਈ ਸਬੰਧੀ ਲੇਬਰ ਲਈ ਕਸ਼ਮਕਸ਼ ਕਰਨੀ ਪੈਂਦੀ ਹੈ, ਜਦਕਿ ਸਿੱਧੀ ਬਿਜਾਈ ”ਚ ਇਕ ਟਰੈਕਟਰ ਨਾਲ ਮਸ਼ੀਨ ਲਾ ਕੇ 1 ਜਾਂ 2 ਵਿਅਕਤੀ ਹੀ ਸਾਰੀ ਬਿਜਾਈ ਕਰ ਸਕਦੇ ਹਨ। ਕਿਸਾਨਾਂ ਅਨੁਸਾਰ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵੀ ਪੂਰਾ ਆਉਂਦਾ ਹੈ ਅਤੇ ਪਾਣੀ ਦੀ ਬੱਚਤ ”ਚ ਵੀ ਕਿਸਾਨ ਇਸ ਨਾਲ ਆਪਣਾ ਯੋਗਦਾਨ ਪਾ ਸਕਦੇ ਹਨ।
ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕਿਸਾਨਾਂ ਨੂੰ ਜਿਵੇ ਕਿ ਲੇਬਰ ਖਰਚਾ, ਮਸੀਨਰੀ ਦਾ ਖਰਚਾ ਅਤੇ ਮਸੀਨਰੀ ਦੀ ਰਿਪੇਅਰ ਆਦਿ ਰਲਾ ਕੇ 4000/- ਰੁਪੈ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚ ਦੀ ਬੱਚਤ ਹੁੰਦੀ । ਨਾਲ ਹੀ ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ ।ਜੇਕਰ ਸਿੰਚਾਈ ਲਈ ਤੁਸੀਂ ਡੀਜ਼ਲ ਦੀ ਵਰਤੋਂ ਕਰਦੇ ਹੋ ਤਾਂ 2000 ਦਾ ਤੇਲ ਵੀ ਬੱਚ ਜਾਂਦਾ ਹੈ ਇਸ ਤਰਾਂ ਇਕ ਏਕੜ ਵਿਚੋਂ 6000 ਰੁਪਿਆ ਦੀ ਬੱਚਤ ਹੁੰਦੀ ਹੈ ।