‘ਪੱਤਾ ਰੰਗ ਚਾਰਟ’ ਨਾਲ ਇਸ ਤਰਾਂ ਕਰੋ ਝੋਨੇ ਵਿਚ ਯੂਰੀਆ ਦੀ ਸਹੀ ਵਰਤੋਂ

ਝੋਨੇ ਦੇ ਖੇਤ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿੱਟੀ ਪਰਖ ਕਰਾਉਣ ਦੇ ਇਲਾਵਾ ਨਾਈਟ੍ਰੋਜਨ ਤੱਤ ਦੀ ਲੋੜ ਜਾਣਨ ਲਈ ‘ਪੱਤਾ ਰੰਗ ਚਾਰਟ’ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ‘ਪੱਤਾ ਰੰਗ ਚਾਰਟ’ ਪਲਾਸਟਿਕ ਦੀ ਬਣੀ ਹੋਈ 8 ਬਾਈ 3 ਇੰਚ ਦੀ ਇਕ ਪੱਟੀ ਹੈ ਜਿਸ ‘ਤੇ ਹਰੇ ਰੰਗ ਦੀਆਂ 6 ਟਿੱਕੀਆਂ ਬਣੀਆਂ ਹੁੰਦੀਆਂ ਹਨ। ਇਕ ਨੰਬਰ ਵਾਲੀ ਟਿੱਕੀ ਦਾ ਰੰਗ ਹਲਕਾ ਹਰਾ ਹੁੰਦਾ ਹੈ ਜਦੋਂ ਕਿ 6 ਨੰਬਰ ਵਾਲੀ ਟਿੱਕੀ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ।

ਇਨ੍ਹਾਂ ਟਿੱਕੀਆਂ ਉੱਪਰ ਬਰੀਕ-ਬਰੀਕ ਉੱਭਰਵੀਆਂ ਨਾੜੀਆਂ ਬਣੀਆਂ ਹੁੰਦੀਆਂ ਹਨ ਜਿਸ ਨਾਲ ਇਹ ਟਿੱਕੀਆਂ ਦੇਖਣ ਵਿਚ ਪੱਤਿਆਂ ਵਾਂਗ ਹੀ ਲਗਦੀਆਂ ਹਨ। ਪੀ.ਏ.ਯੂ. ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਮੁਤਾਬਿਕ ਝੋਨੇ ਦੇ ਖੇਤ ਵਿਚ ਆਖ਼ਰੀ ਕੱਦੂ ਕਰਨ ਸਮੇਂ 25 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣ ਉਪਰੰਤ ਝੋਨਾ ਲਗਾਉਣ ਦੇ ਦੋ-ਦੋ ਹਫ਼ਤਿਆਂ ਬਾਅਦ ਉੱਪਰੋਂ ਖੁੱਲ੍ਹੇ ਹੋਏ ਦੂਜੇ ਅਤੇ ਰੋਗ ਰਹਿਤ ਪੱਤੇ ਦਾ ਰੰਗ ਚਾਰਟ ਨਾਲ ਮਿਲਾ ਕੇ ਫ਼ਸਲ ਵਿਚ ਨਾਈਟ੍ਰੋਜਨ ਖਾਦ ਦੀ ਲੋੜ ਦਾ ਪਤਾ ਲਗਾਇਆ ਜਾ ਸਕਦਾ ਹੈ।

ਜਿਸ ਹਫ਼ਤੇ 10 ਵਿਚੋਂ 6 ਜਾਂ ਇਸ ਤੋਂ ਵੱਧ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ ਤਾਂ 25 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦੇਣਾ ਚਾਹੀਦਾ ਹੈ। ਜੇਕਰ 6 ਜਾਂ ਇਸ ਤੋਂ ਵੱਧ ਪੱਤਿਆਂ ਦਾ ਰੰਗ 4 ਨੰਬਰ ਟਿੱਕੀ ਤੋਂ ਗੂੜ੍ਹਾ ਹੋਵੇ ਤਾਂ ਯੂਰੀਆ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਰੰਗ ਮਿਲਾਉਣ ਵੇਲੇ ਪੱਤਿਆਂ ਨੂੰ ਬੂਟੇ ਨਾਲੋਂ ਤੋੜਨਾ ਨਹੀਂ ਚਾਹੀਦਾ ਅਤੇ ਹਰ ਵਾਰੀ ਰੰਗ ਮਿਲਾਉਣ ਸਮੇਂ ਇਕੋ ਹੀ ਸਮਾਂ ਰੱਖਣਾ ਚਾਹੀਦਾ ਹੈ ਜਿਸ ਵਿਚ ਸਵੇਰੇ 9-10 ਵਜੇ ਜਾਂ ਸ਼ਾਮ 4-5 ਵਜੇ ਸਮੇਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਰੰਗ ਮਿਲਾਉਣ ਵਾਲੇ ਵਿਅਕਤੀ ਦਾ ਪਰਛਾਵਾਂ ਪੱਤੇ ਅਤੇ ਚਾਰਟ ‘ਤੇ ਪੈਣਾ ਚਾਹੀਦਾ ਹੈ। ਜਦੋਂ ਝੋਨਾ ਨਿੱਸਰ ਜਾਵੇ ਤਾਂ ਇਸ ਚਾਰਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਖੇਤ ਵਿਚ ਹੋਰ ਖਾਦ ਪਾਉਣੀ ਚਾਹੀਦੀ ਹੈ। ਝੋਨੇ ਦੀ ਫ਼ਸਲ ਵਿਚ ਨਾਈਟ੍ਰੋਜਨ ਦੀ ਲੋੜ ਨੂੰ ਜਾਣਨ ਲਈ ਪੱਤਾ ਰੰਗ ਚਾਰਟ ਇਕ ਸਫਲ ਯੰਤਰ ਹੈ। ਇਸ ਲਈ ਝੋਨੇ ਵਿਚ ਬਿਜਾਈ ਤੋਂ 21 ਅਤੇ 42 ਦਿਨਾਂ ਬਾਅਦ ਖਾਦ ਪਾਉਣ ਦੀ ਬਜਾਏ ਇਸ ਚਾਰਟ ਦੀ ਵਰਤੋਂ ਕਰ ਕੇ ਸਹੀ ਸਮੇਂ ਅਤੇ ਸਹੀ ਮਿਕਦਾਰ ਵਿਚ ਹੀ ਨਾਈਟ੍ਰੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਚਾਰਟ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਸਾਰੀਆਂ ਪ੍ਰਮਾਣਿਤ ਕਿਸਮਾਂ ਲਈ ਕੀਤੀ ਜਾ ਸਕਦੀ ਹੈ। ਖੇਤੀ ਵਿਗਿਆਨੀਆਂ ਦੇ ਤਜਰਬੇ ਅਨੁਸਾਰ ਝੋਨੇ ਨੂੰ 6 ਟਨ ਰੂੜੀ ਪ੍ਰਤੀ ਏਕੜ ਪਾ ਕੇ ਇਕ ਤਿਹਾਈ ਯੂਰੀਆ ਦੀ ਵਰਤੋਂ ਘਟਾਈ ਜਾ ਸਕਦੀ ਹੈ। ਜੇਕਰ ਪਨੀਰੀ ਲਗਾਉਣ ਤੋਂ ਬਾਅਦ 2-3 ਹਫ਼ਤਿਆਂ ਤੱਕ ਬੂਟੇ ਗਿੱਠੇ ਰਹਿਣ ਅਤੇ ਪੱਤੇ ਜੰਗਾਲੇ ਅਤੇ ਭੂਰੇ ਹੋਣ ਤੋਂ ਇਲਾਵਾ ਵਿਚਕਾਰਲੀ ਨਾੜੀ ਦਾ ਰੰਗ ਬਦਲ ਜਾਵੇ ਅਤੇ ਪੱਤੇ ਸੁੱਕਣੇ ਸ਼ੁਰੂ ਹੋ ਜਾਣ ਤਾਂ ਖੇਤ ਵਿਚ ਜ਼ਿੰਕ ਦੀ ਘਾਟ ਪੈਦਾ ਹੁੰਦੀ ਹੈ।

ਇਸ ਘਾਟ ਨੂੰ ਪੂਰਾ ਕਰਨ ਲਈ 25 ਕਿੱਲੋ ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ ਜਾਂ 16 ਕਿੱਲੋ ਜ਼ਿੰਕ ਸਲਫ਼ੇਟ ਮੋਨੋਹਾਈਡਰੇਟ ਪ੍ਰਤੀ ਏਕੜ ਵਿਚ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਖੇਤ ਵਿਚ ਪਾਣੀ ਦੀ ਘਾਟ ਹੋਵੇ ਅਤੇ ਪਨੀਰੀ ਲਗਾਉਣ ਤੋਂ ਬਾਅਦ ਕੁੱਝ ਦਿਨ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਣ ਅਤੇ ਬੂਟੇ ਮਰਨੇ ਸ਼ੁਰੂ ਹੋ ਜਾਣ ਤਾਂ ਖੇਤ ਨੂੰ ਜਲਦੀ ਹੀ ਭਰਵਾਂ ਪਾਣੀ ਦੇਣਾ ਚਾਹੀਦਾ ਹੈ ਅਤੇ ਇਕ ਹਫ਼ਤੇ ਦੇ ਫ਼ਰਕ ਨਾਲ ਇਕ ਕਿੱਲੋ ਫੈਰਸ ਸਲਫ਼ੇਟ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *

*

x

Check Also

ਸਰਕਾਰ ਨੇ ਯੂਰੀਆ ਦੀ ਸਬਸਿਡੀ ਬਚਾਉਣ ਤੇ ਕਿਸਾਨਾਂ ਨੂੰ ਰਗੜਾ ਲਗਾਉਣ ਲਈ ਬਣਾਈ ਇਹ ਨਵੀ ਸਕੀਮ

ਸਰਕਾਰ ਨੇ ਯੂਰੀਆ ਦੀ ਖਪਤ ”ਚ ਕਟੌਤੀ ਕਰਦਿਆਂ ਚਲਾਕੀ ਨਾਲ ਇਕ ਨਵਾਂ ਰਸਤਾ ਲੱਭਿਆ ਹੈ, ...