ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼ੁਰੂ ਕੀਤਾ ਡੇਅਰੀ ਫਾਰਮ ,ਅੱਜ ਕਮਾ ਰਹੇ ਡੇਢ ਲੱਖ ਰੁਪਏ ਮਹੀਨਾ

ਪਟਿਆਲਾ ਤੋਂ ਰਾਜਪੁਰਾ ਨੂੰ ਜਾਂਦੀ ਮੁੱਖ ਸੜਕ ‘ਤੇ ਕਸਬਾ ਬਹਾਦਰਗੜ੍ਹ ਵਿਖੇ ‘ਚੰਨੀ ਸਰਪੰਚ ਡੇਅਰੀ ਫਾਰਮ’ ਹੈ | ਇਥੇ ਮਿਹਨਤੀ ਪਸ਼ੂ ਪਾਲਕ ਗੁਰਚਰਨ ਸਿੰਘ ਚੰਨੀ ਰਹਿੰਦੇ ਸਨ | ਉਹ ਵੀਹ ਸਾਲ ਬਹਾਦਰਗੜ੍ਹ ਦੇ ਸਰਪੰਚ, ਪੰਜ ਸਾਲ ਬਲਾਕ ਸੰਮਤੀ ਦੇ ਮੈਂਬਰ ਅਤੇ ਪਿੰਡ ਦੇ ਨੰਬਰਦਾਰ ਵੀ ਰਹੇ ਸਨ |ਓਹਨਾ ਨੂੰ ਡੇਅਰੀ ਫਾਰਮ ਦਾ ਬਹੁਤ ਸ਼ੋਂਕ ਸੀ ਕੁਝ ਕਰਨਾ ਕਰਕੇ ਉਹ ਡੇਅਰੀ ਫਾਰਮ ਦਾ ਸੁਪਨਾ ਪੂਰਾ ਨਾ ਕਰ ਸਕੇ ਤੇ ਛੋਟੀ ਉਮਰ ਵਿੱਚ ਹੀ ਓਹਨਾ ਦੀ ਮੌਤ ਹੋ ਗਈ |

ਪਰ ਜਦੋ ਗੁਰਚਰਨ ਸਿੰਘ ਦੇ ਪੁੱਤਰ ਗੁਰਤਾਜ ਸਿੰਘ ਤੇ ਨੰਬਰਦਾਰ ਇਕਰਾਜ ਸਿੰਘ ਗਰੇਵਾਲ ਨੇ 2010 ਵਿੱਚ ਪਿਤਾ ਦਾ ਅਧੂਰਾ ਸੁਫਨਾ ਪੂਰਾ ਕਰਨ ਲਈ ਪਿਤਾ ਦੇ ਨਾਂ ‘ਤੇ ਡੇਅਰੀ ਫਾਰਮ ਸ਼ੁਰੂ ਕੀਤਾ ਤਾਂ ਓਹਨਾ ਨੇ ਸੋਚਿਆ ਨਹੀਂ ਸੀ ਕੀ ਇਹ ਡੇਅਰੀ ਫਾਰਮ ਏਨਾ ਕਾਮਯਾਬ ਹੋ ਜਾਵੇਗਾ । ਦੋਵੇਂ ਭਰਾ ਪੜ੍ਹੇ-ਲਿਖੇ ਹਨ। ਉਨ੍ਹਾਂ ਨੇ ਫਾਰਮ ਨੂੰ ਸ਼ੁਰੂ ਕਰਨ ਲਈ ਬੈਂਕ ਤੋਂ ਅਠਾਰਾਂ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਹੁਣ ਉਤਾਰ ਦਿੱਤਾ ਹੈ।
ਉਹ 42 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਗਾਵਾਂ ਦਾ ਦੁੱਧ ਵੇਚਦੇ ਹਨ। ਦੁੱਧ ਦੇ ਪਦਾਰਥ ਤਿਆਰ ਕਰਕੇ ਵੇਚਣ ਬਾਰੇ ਵੀ ਸੋਚ ਰਹੇ ਹਨ। ਸਾਰੇ ਖਰਚੇ ਕੱਢ ਕੇ ਫਾਰਮ ਦੀ ਮਹੀਨਾਵਾਰ ਔਸਤਨ ਆਮਦਨ ਡੇਢ ਲੱਖ ਰੁਪਏ ਹੈ। ਇਸ ਤਰ੍ਹਾਂ ਸਾਲਾਨਾ ਆਮਦਨ 18 ਲੱਖ ਰੁਪਏ ਬਣਦੀ ਹੈ ।

ਉਨ੍ਹਾਂ ਕੋਲ ਛੋਟੇ ਤੇ ਵੱਡੇ ਪਸ਼ੂਆਂ ਦੀ ਗਿਣਤੀ 85 ਦੇ ਕਰੀਬ ਹੈ। ਉਨ੍ਹਾਂ ਦੇ ਫਾਰਮ ਵਿੱਚ ਦੋਗਲੀ ਨਸਲ ਦੀਆਂ ਗਾਵਾਂ ਹਨ ਤੇ 30 ਗਾਵਾਂ ਦੁੱਧ ਦਿੰਦੀਆਂ ਹਨ ਤੇ ਰੋਜ਼ਾਨਾ ਦੁੱਧ ਦੀ ਪੈਦਾਵਾਰ ਸਾਢੇ ਪੰਜ ਕੁਇੰਟਲ ਹੈ। ਮੱਝਾਂ ਦੇ ਦੁੱਧ ਦੀ ਮੰਗ ਨੂੰ ਦੇਖਦਿਆਂ ਇੱਕ ਦਰਜਨ ਮੁਰ੍ਹਾ ਨਸਲ ਦੀਆਂ ਕੱਟੀਆਂ ਖਰੀਦੀਆਂ ਹਨ। ਉਸ ਦਾ ਫਾਰਮ ਤਿੰਨ ਕਿੱਲਿਆਂ ਵਿੱਚ ਫੈਲਿਆ ਹੋਇਆ ਹੈ।

ਇੱਕ ਖੁੱਲ੍ਹਾ ਹਵਾਦਾਰ ਝੌਪੜੀਨੁਮਾ ਸ਼ੈੱਡ ਹੈ। 100 ਕਿਲੋ ਫੀਡ ਵਿੱਚ 40 ਫੀਸਦੀ ਅਨਾਜ, 30 ਫੀਸਦੀ ਖਲ, 26 ਫੀਸਦੀ ਡੀ.ਓ.ਸੀ., 2 ਫੀਸਦੀ ਧਾਤਾਂ ਦਾ ਚੂਰਾ ਤੇ 2 ਫੀਸਦੀ ਨਮਕ ਪਾਇਆ ਜਾਂਦਾ ਹੈ। ਸਾਰੀਆਂ ਗਾਵਾਂ ਦਾ ਬੀਮਾ ਕਰਵਾਇਆ ਹੋਇਆ ਹੈ। ਸਮੇਂ-ਸਮੇਂ ਗਲਘੋਟੂ/ਮੂੰਹਖੁਰ ਦਾ ਟੀਕਾਕਰਨ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਦਾ ਲਾਭ ਵੀ ਲਿਆ ਜਾਂਦਾ ਹੈ।
ਇੱਕਰਾਜ ਨੇ ਸਰਕਾਰੀ ਮਹਿਕਮੇ ਤੋਂ ਪਸ਼ੂਆਂ ਦੀ ਸਾਂਭ-ਸੰਭਾਲ ਦਾ 15 ਤੇ 45 ਦਿਨਾਂ ਦਾ ਕੋਰਸ ਵੀ ਕੀਤਾ ਹੈ। ਪਸ਼ੂ ਦਾ ਬੁਖਾਰ ਦੇਖਣਾ, ਖੂਨ ਲੈਣਾ, ਗਲੂਕੋਜ਼ ਚੜ੍ਹਾਉਣਾ, ਮਨਸੂਈ ਗਰਭਦਾਨ, ਗੱਭਣ ਚੈੱਕ, ਦਵਾਈ ਭਰਨੀ ਆਦਿ ਕੰਮ ਉਹ ਆਪ ਕਰਦਾ ਹੈ। ਸਮੇਂ-ਸਮੇਂ ਵੈਟਰਨਰੀ ਡਾਕਟਰ ਦੀ ਸਲਾਹ ਲਈ ਜਾਂਦੀ ਹੈ।

Leave a Reply

Your email address will not be published. Required fields are marked *

*