ਕੇਂਦਰ ਸਰਕਾਰ ਵੱਲੋਂ ਸਾਲ 2017-18 ਲਈ ਲੰਬੇ ਰੇਸ਼ੇ ਦੇ ਨਰਮੇ ਦੀ ਸਰਕਾਰੀ ਸਹਾਇਕ ਖਰੀਦ ਕੀਮਤ (ਐਮ. ਐਸ. ਪੀ.) ‘ਚ 160 ਰੁਪਏ ਦਾ ਵਾਧਾ ਕਰਕੇ ਇਸ ਨੂੰ 4320 ਰੁਪਏ ਪ੍ਰਤੀ ਕੁਇੰਟਲ ਕੀਤਾ ਜਾ ਰਿਹਾ ਹੈ। ਕੇਂਦਰੀ ਖੇਤੀ ਮੰਤਰਾਲੇ ਨੇ ਕੀਮਤ ਲਾਗਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਆਧਾਰਿਤ ਆਪਣਾ ਨੋਟ ਕੇਂਦਰੀ ਮੰਤਰੀ ਮੰਡਲ ਨੂੰ ਭੇਜ ਦਿੱਤਾ ਹੈ।ਇਸ ਸਬੰਧੀ ਕੇਂਦਰੀ ਮੰਤਰੀ ਮੰਡਲ ਦੀ ਅਗਲੀ ਮੀਟਿੰਗ ‘ਚ ਇਸ ਬਾਰੇ ਐਲਾਨ ਸੰਭਵ ਹੈ।ਕੇਂਦਰ ਸਰਕਾਰ ਨੇ ਸਾਲ 2016-2017 ਦੌਰਾਨ ਲੰਬੇ ਰੇਸ਼ੇ ਦੀਆਂ ਕਿਸਮਾਂ ਦੀ ਕਪਾਹ ਦੀਆਂ ਕੀਮਤਾਂ ਵਿਚ ਵਾਧਾ ਨਾ ਕਰਕੇ ਇਸ ਦੀ ਕੀਮਤ 4160 ਰੁਪਏ ਪ੍ਰਤੀ ਕੁਇੰਟਲ ਹੀ ਰੱਖੀ ਸੀ।
ਉੱਚ ਅਧਿਕਾਰ ਪ੍ਰਾਪਤ ਸਰਕਾਰੀ ਸੂਤਰਾਂ ਅਨੁਸਾਰ ਸਾਲ 2016-2017 ਦੌਰਾਨ ਕਪਾਹ ਕਾਸ਼ਤ ਅਧੀਨ ਰਕਬਾ 102.78 ਲੱਖ ਹੈਕਟੇਅਰ ਘੱਟਣ ਦੇ ਬਾਵਜੂਦ ਪ੍ਰਤੀ ਹੈਕਟੇਅਰ ‘ਚ ਪੈਦਾਵਾਰ ਵਿਚ ਹੋਏ ਵਾਧੇ ਕਾਰਨ ਦੇਸ਼ ‘ਚ ਕਪਾਹ ਦਾ ਉਤਪਾਦਨ 325.80 ਲੱਖ ਗੱਠਾਂ ਤੱਕ ਪਹੁੰਚ ਗਿਆ, ਜੋ ਕਿ ਸਾਲ 2015-2016 ਦੇ ਮੁਕਾਬਲੇ 8.57 ਫ਼ੀਸਦੀ ਵੱਧ ਹੈ।ਇਸ ਸਾਲ ਮੌਨਸੂਨ ਦੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਕਾਰਨ ਕਪਾਹ ਕਾਸ਼ਤ ਅਧੀਨ ਰਕਬੇ ‘ਚ ਵਾਧਾ ਸੰਭਵ ਹੈ। ਭਾਰਤ ਸਰਕਾਰ ਨੇ ਭਾਰਤੀ ਖੇਤੀ ਖੋਜ ਵਿਕਾਸ ਸੰਸਥਾ ਵੱਲੋਂ ਦੇਸ਼ ‘ਚ ਪਹਿਲੀ ਵਾਰ ਤਿਆਰ ਕੀਤੇ ਬੀ.ਟੀ. ਨਰਮੇ ਦਾ ਬੀਜ ਕਿਸਾਨਾਂ ਨੂੰ ਕੇਂਦਰੀ ਬੀਜ ਕਾਰਪੋਰੇਸ਼ਨਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ।ਕੇਂਦਰ ਸਰਕਾਰ ਦਰਮਿਆਨੇ ਰੇਸ਼ੇ ਦੀ ਕਪਾਹ ਦਾ ਸਾਲ 2017-2018 ਲਈ ਭਾਅ 4020 ਰੁਪਏ ਪ੍ਰਤੀ ਕੁਇੰਟਲ ਕਰਨ ਜਾ ਰਹੀ ਹੈ। ਸਰਕਾਰੀ ਸੂਤਰਾਂ ਅਨੁਸਾਰ ਭਾਰਤ ਤੋਂ ਇਸ ਸਾਲ ਵਿਦੇਸ਼ਾਂ ਨੂੰ ਕੋਈ 55 ਲੱਖ ਗੱਠਾਂ ਬਰਾਮਦ ਹੋ ਚੁੱਕੀਆਂ ਹਨ।
Tagged with: ਕਿਸਾਨ ਖਰੀਦ ਮੁੱਲ ਨਰਮਾ