ਕੈਪਟਨ ਨੇ ਕੀਤੀ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ, ਕਿਹਾ ਆਪਣੇ ਇਸ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ਸਰਕਾਰ

ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਿਖੇ ਕਰਵਾਏ ਸੈਮੀਨਾਰ ਦੌਰਾਨ ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਕਰਜ਼ਾ ਮੁਆਫ ਕਰਨ ਲਈ ਰੂਪ ਰੇਖਾ ਤਿਆਰ ਕਰਨ ਵਾਸਤੇ ਉੱਚ ਪੱਧਰੀ ਕਮੇਟੀ ਪਹਿਲਾਂ ਹੀ ਬਣੀ ਹੋਈ ਹੈ ਜੋ ਜ਼ੋਰ-ਸ਼ੋਰ ਨਾਲ ਇਸ ਕਾਰਜ ਵਿੱਚ ਲੱਗੀ ਹੋਈ ਹੈ।
ਕਿਸਾਨਾਂ ਦਾ ਕਰਜ਼ਾ ਛੇਤੀ ਤੋਂ ਛੇਤੀ ਮੁਆਫ ਕਰਨ ਦਾ ਵਾਅਦਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਕਰਜ਼ਾ ਮੁਆਫੀ ਕਰਨ ਦੇ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ।

ਆਪਣੇ ਮੁੱਖ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ‘ਕੁਰਕੀ’ ਪਹਿਲਾਂ ਹੀ ਬੰਦ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਕਿਸੇ ਵੀ ਵਾਅਦੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸਮੁੱਚੇ ਦੇਸ਼ ਵਿੱਚ ਪਾਣੀ ਪ੍ਰਮੁੱਖ ਸਮੱਸਿਆ ਬਣ ਜਾਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਸਮੂਹਿਕ ਕੋਸ਼ਿਸ਼ਾਂ ਨਾਲ ਰਾਸ਼ਟਰੀ ਪੱਧਰ ’ਤੇ ਇਸ ਮੁੱਦੇ ਦੇ ਹੱਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ  ਖੇਤੀਬਾੜੀ ਦੀ ਅਹਿਮ ਮਹੱਤਤਾ ਹੋਣ ਦੇ ਬਾਵਜੂਦ ਇਹ ਆਰਥਿਕ ਵਿਕਾਸ ਵਿੱਚ ਓਨੀ ਭੂਮਿਕਾ ਨਹੀਂ ਨਿਭਾਅ ਰਹੀ, ਜਿੰਨੀ ਨਿਭਾਉਣੀ ਚਾਹੀਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਜਪਾਨ ਤੇ ਜਰਮਨੀ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਪੰਜਾਬ ਮੌਜੂਦਾ ਸਥਿਤੀ ਵਿੱਚੋਂ ਇੱਕ ਵਾਰ ਫਿਰ ਨਿਕਲ ਕੇ ਦੇਸ਼ ਦਾ ਚੋਟੀ ਦਾ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗ ਦੀ ਸੁਰਜੀਤੀ ਸੂਬੇ ਦੇ ਵਿਕਾਸ ਨੂੰ ਬਹਾਲ ਕਰਨ ਲਈ ਬਹੁਤ ਅਹਿਮ ਹੈ ਤੇ ਇਹ ਨਵੇਂ ਉਦਯੋਗ ਨੂੰ ਆਕਰਸ਼ਿਤ ਕਰਨ ਲਈ ਭੂਮਿਕਾ ਨਿਭਾਏਗਾ।

ਲਾਲ ਫੀਤਾਸ਼ਾਹੀ ਨੂੰ ਖਤਮ ਕਰਨ ਤੇ ਉਦਯੋਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਾਅਦਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਮਜ਼ੋਰ ਵਿੱਤੀ ਹਾਲਤ ਦੇ ਮੱਦੇਨਜ਼ਰ ਉਹ ਵਿੱਤੀ ਸਹਾਇਤਾ ਦਾ ਵਾਅਦਾ ਨਹੀਂ ਕਰ ਸਕਦੇ ਪਰ ਉਹ ਵਪਾਰ ਨੂੰ ਸੁਖਾਲਾ ਬਣਾਉਣ ਲਈ ਯਕੀਨੀ ਬਣਾਉਣਗੇ ਜਿਸ ਦੇ ਵਾਸਤੇ ਵਾਜਬ ਦਰਾਂ ’ਤੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਜਿਸ ਦਾ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵਾਅਦਾ ਕੀਤਾ ਸੀ।

Leave a Reply

Your email address will not be published. Required fields are marked *

*

x

Check Also

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ ...