ਪੰਜਾਬ ਵਿਚ ਖੁੰਬਾਂ ਦੀ ਖੇਤੀ ਕਿਵੇਂ ਕਰੀਏ..?

ਪੰਜਾਬ ’ਚ ਖੁੰਬਾਂ ਦੀ ਕਾਸਤ ਦਾ ਕਾਰੋਬਾਰ ਹਰ ਸਾਲ ਵਧਦਾ ਜਾ ਰਿਹਾ ਹੈ ਕਿਉਂਕਿ ਹੁਣ ਕਿਸਾਨ ਇਸ ਧੰਦੇ ਨੂੰ ਸਹਾਇਕ ਧੰਦੇ ਵਜੋਂ ਨਹੀਂ ਸਗੋਂ ਮੁੱਖ ਧੰਦੇ ਵਜੋਂ ਅਪਣਾ ਰਹੇ ਹਨ। ਕਿਸਾਨ ਖੁੰਬਾਂ ਦੀ ਕਾਸ਼ਤ ਲਈ 5-10 ਕੁਇੰਟਲ ਤੂੜੀ ਦੀ ਘਰੇਲੂ ਪੱਧਰ ’ਤੇ ਵਰਤੋਂ ਕਰਨ ਦੀ ਬਜਾਏ ਘੱਟੋ-ਘੱਟ 100 ਕੁਇੰਟਲ ਤੂੜੀ ਤੋਂ ਸ਼ੁਰੂ ਕਰਕੇ ਹਜ਼ਾਰਾਂ ਕੁਇੰਟਲ ਤੂੜੀ ਤਕ ਪਹੁੰਚ ਗਏ ਹਨ। ਇਸ ਕੰਮ ਲਈ ਲੇਬਰ ਦੂਜੇ ਰਾਜਾਂ ਵਿੱਚੋਂ ਪੰਜਾਬ ਵਿੱਚ ਆ ਰਹੀ ਹੈ। ਵਿਆਹਾਂ, ਹੋਟਲਾਂ ਅਤੇ ਘਰੇਲੂ ਪੱਧਰ ’ਤੇ ਖੁੰਬ ਦੀ ਨਵੰਬਰ ਤੋਂ ਫਰਵਰੀ ਤਕ ਦੇ ਮਹੀਨਿਆਂ ਦੌਰਾਨ ਵਧ ਰਹੀ ਮੰਗ ਅਤੇ ਘੱਟ ਪੈਦਾਵਾਰ ਵਿਚਕਾਰਲਾ ਫ਼ਰਕ ਪੂਰਨ ਲਈ ਵਪਾਰੀ ਖੁੰਬਾਂ ਨਾਲ ਲਗਦੇ ਹੋਰਨਾਂ ਰਾਜਾਂ ਤੋਂ ਮੰਗਵਾ ਕੇ ਪੰਜਾਬ ਦੀ ਮੰਗ ਪੂਰੀ ਕਰਦੇ ਹਨ।

ਕਿਸਮਾਂ

ਪੰਜਾਬ ਅਤੇ ਹਰਿਆਣਾ ਰਾਜ ਵਿੱਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪਹਿਲੀ ਬਟਨ ਖੁੰਬ, ਦੂਜੀ ਢੀਂਗਰੀ ਅਤੇ ਤੀਜੀ ਪਰਾਲੀ ਵਾਲੀ ਖੁੰਬ। ਭਾਂਵੇ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸਤ ਕੀਤੀ ਜਾ ਸਕਦੀ ਹੈ। ਪਰ ਪੰਜਾਬ/ਹਰਿਆਣਾ ਵਿੱਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ।

ਬਿਜਾਈ ਦਾ ਸਮਾਂ

ਭਾਂਵੇ ਕਿ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 15 ਸਤੰਬਰ ਤਕ ਪਰਾਲੀ ਵਾਲੀ ਖੁੰਬ ਦੀ ਕਾਸਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤਕ ਤੀਜੀ ਕਿਸਮ ਢੀਂਗਰੀ ਬੀਜੀ ਜਾ ਸਕਦੀ ਹੈ। ਬਟਨ ਖੁੰਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਉੱਲੀ ਦੇ ਵਧਣ-ਫੁੱਲਣ ਲਈ ਤਾਪਮਾਨ 25 ਡਿਗਰੀ ਅਤੇ ਖੁੰਬਾਂ ਦਾ ਵੱਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ।

ਖੁੰਬਾਂ ਦੀ ਬੀਜਾਈ

ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ।

ਬਿਜਾਈ ਦਾ ਸਾਮਾਨ

ਖੁੰਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੀਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਅਤੇ ਵੱਡੇ ਆਕਾਰ ਦੇ ਲਿਫ਼ਾਫ਼ੇ ਮਿਲ ਜਾਦੇ ਹਨ। ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।

ਬੀਜਣ ਦਾ ਢੰਗ

ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੁੰਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜ਼ਦੂਰਾਂ ਦਾ ਖ਼ਰਚਾ ਘੱਟ ਪੈਂਦਾ ਹੈ। ਖੁੰਬਾਂ ਦਾ ਬੀਜ ਸਪਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਖੁੰਬ ਦਾ ਬੀਜ ਦੋ ਤਹਿਆਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ ਜਾਂ ਸੈਲਫਾਂ ਨੂੰ ਅਖ਼ਬਾਰਾਂ ਨਾਲ ਢਕ ਕੇ ਪਾਣੀ ਦਾ ਸਪਰੇ ਕੀਤਾ ਜਾਂਦਾ ਹੈ। ਇਸ ਨਾਲ ਸਿਰਫ਼ ਅਖ਼ਬਾਰ ਹੀ ਗਿੱਲੇ ਹੋਣ ਜੇ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢਕਿਆ ਜਾ ਸਕਦਾ ਹੈ। ਬੀਜ ਨੂੰ ਪੁੰਗਰਣ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ।

ਕੇਸਿੰਗ ਦੀ ਤਿਆਰੀ

ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਅਤੇ ਇੱਕ ਹਿੱਸਾ ਮਿੱਟੀ ਰਲਾ ਕੇ ਪੰਜ ਫ਼ੀਸਦੀ ਫਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁੱਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ ਛੋਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਬਿਲਕੁੱਲ ਬਰੀਕ ਕੇਸਿੰਗ ਵਿੱਚੋ ਗੈਸਾਂ ਅੰਦਰ ਬਾਹਰ ਨਹੀਂ ਜਾ ਸਕਦੀਆਂ। ਇਸ ਨਾਲ ਖੁੰਬ ਦੀ ਫ਼ਸਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ।

ਪਰਾਲੀ ਵਾਲੀ ਖੁੰਬ ਦੀ ਕਾਸ਼ਤ

ਇਸ ਕਿਸਮ ਦੀ ਖੁੰਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਦੇ ਪੂਲੇ ਬੰਨ੍ਹ ਕੇ ਅੱਗੋ-ਪਿੱਛੋਂ ਬਿਲਕੁੱਲ ਬਰਾਬਰ ਹੋਣੇ ਚਾਹੀਦੇ ਹਨ। ਪ੍ਰਤੀ ਪੂਲੇ ਦਾ ਵਜ਼ਨ ਇੱਕ ਕਿੱਲੋ ਹੋਣਾ ਚਾਹੀਦਾ ਹੈ। ਇਸ ਕਿਸਮ ਦੀ ਕਾਸ਼ਤ ਅਪਰੈਲ ਤੋਂ ਸਤੰਬਰ ਤਕ ਕੀਤੀ ਜਾ ਸਕਦੀ ਹੈ।

ਬੀਜਣ ਦਾ ਢੰਗ

ਜਿੰਨੀ ਖੁੰਬ ਦੀ ਬਿਜਾਈ ਕਰਨੀ ਹੋਵੇ, ਉਂਨੇ ਹੀ ਪੂਲਿਆਂ ਨੂੰ 16 ਤੋਂ 20 ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ। ਪਾਣੀ ਸਾਫ਼ ਹੋਵੇ। ਵਾਧੂ ਪਾਣੀ ਨਿਕਲਣ ਲਈ ਪੂਲੇ ਕਿਸੇ ਉੱਚੀ ਥਾਂ ’ਤੇ ਰੱਖੋ। ਨਮੀ ਦਾ ਮਾਤਰਾ 70 ਫ਼ੀਸਦੀ ਹੋਣੀ ਚਾਹੀਦੀ ਹੈ। ਪੂਲੇ ਰੱਖਣ ਲਈ ਬਾਂਸ ਗੱਡ ਕੇ ਸੈਲਫਾਂ ਬਣਾਈਆਂ ਜਾਦੀਆਂ ਹਨ। ਸੈਲਫਾਂ ’ਤੇ ਪੰਜ ਪੂਲੇ ਰੱਖ ਕੇ ਉਨ੍ਹਾਂ ਦੇ ਦੁਆਲੇ ਬੀਜ ਪਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਪੂਲਿਆਂ ਦੀਆਂ ਤਹਿਆਂ ਲਾ ਕੇ ਵੀਹ ਪੂਲਿਆਂ ਦਾ ਇੱਕ ਬੈੱਡ ਬਣਾਇਆ ਜਾਂਦਾ ਹੈ। ਹਰ ਇੱਕ ਤਹਿ ਤੋਂ ਬਾਅਦ ਸਪਾਨ ਪਾਇਆ ਜਾਂਦਾ ਹੈ। ਆਖ਼ਰ ਵਿੱਚ ਦੋ ਪੂਲੇ ਖੋਲ੍ਹ ਕੇ ਉੱਤੇ ਰੱਖੋ। ਯਾਦ ਰਹੇ ਕਿ ਪੂਲਿਆਂ ਦੇ ਇੱਕ ਬੈੱਡ ਵਿੱਚ ਇੱਕ ਬੋਤਲ ਬੀਜ ਦੀ ਪੈਂਦੀ ਹੈ।

ਪਾਣੀ ਤੇ ਤੁੜਾਈ

ਦੋ ਦਿਨਾਂ ਤਕ ਪਾਣੀ ਦੇਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਸ ਤੋਂ ਬਾਅਦ ਸਪਰੇਅ ਪੰਪ ਨਾਲ ਦਿਨ ਵਿੱਚ ਦੋ ਤਿੰਨ ਵਾਰੀ ਪਾਣੀ ਦਿੱਤਾ ਜਾਂਦਾ ਹੈ। ਬਿਜਾਈ ਤੋਂ 15 ਕੁ ਦਿਨਾਂ ਬਾਅਦ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖੁੰਬਾਂ ਨਿਕਲਣ ਤੋਂ ਪਹਿਲਾਂ ਕਮਰਾ ਬਿਲਕੁੱਲ ਬੰਦ ਹੋਣਾ ਚਾਹੀਦਾ ਹੈ। ਪੈਦਾਵਾਰ ਸ਼ੁਰੂ ਹੋਣ ਤੋਂ ਬਾਅਦ 5-6 ਘੰਟੇ ਹਵਾ ਲਵਾਉ, ਖੁੰਬਾਂ ਦੀ ਪੈਦਾਵਾਰ 15-20 ਦਿਨਾਂ ਤਕ ਚਲਦੀ ਰਹਿੰਦੀ ਹੈ। ਇੱਕ ਬੈੱਡ ਵਿੱਚੋਂ 3-4 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ।

ਢੀਂਗਰੀ ਖੁੰਬ ਦੀ ਬਿਜਾਈ

ਢੀਂਗਰੀ ਖੁੰਬ ਦੀ ਬਿਜਾਈ ਲਈ ਕੁਤਰੀ ਹੋਈ ਪਰਾਲੀ ਜਾਂ ਤੂੜੀ ਦੀ ਜ਼ਰੂਰਤ ਪੈਂਦੀ ਹੈ। ਇਸ ਦੀ ਬਿਜਾਈ ਨਵੰਬਰ ਤੋਂ ਮਾਰਚ ਤਕ ਕੀਤੀ ਜਾਂਦੀ ਹੈ। ਤੂੜੀ ਜਾਂ ਪਰਾਲੀ ਨੂੰ 24 ਘੰਟੇ ਲਈ ਸਾਫ਼ ਪਾਣੀ ਨਾਲ ਗਿੱਲਾ ਕਰਕੇ ਰੱਖਿਆ ਜਾਂਦਾ ਹੈ। ਬੀਜਣ ਤੋਂ ਪਹਿਲਾਂ ਪਾਣੀ ਦੀ ਮਾਤਰਾ 70 ਫ਼ੀਸਦੀ ਤਕ ਹੋਣੀ ਚਾਹੀਦੀ ਹੈ। ਢੀਂਗਰੀ ਦੀ ਬਿਜਾਈ ਲਈ ਲਿਫ਼ਾਫ਼ੇ ਵਰਤੇ ਜਾਂਦੇ ਹਨ। ਇੱਕ ਕਿਲੋ ਸੁੱਕੀ ਤੂੜੀ ਵਿੱਚ 100 ਗ੍ਰਾਮ ਬੀਜ ਪੈਂਦਾ ਹੈ।

ਬੀਜਣ ਦਾ ਢੰਗ

ਪੈਦਾਵਾਰ ਦੇ ਹਿਸਾਬ ਨਾਲ ਤੂੜੀ ਵਿੱਚ ਬੀਜ ਮਿਲਾ ਕੇ ਲਿਫ਼ਾਫ਼ੇ ਤੂੜੀ ਨਾਲ ਚੰਗੀ ਤਰ੍ਹਾਂ ਭਰ ਦਿਉ ਅਤੇ ਲਿਫ਼ਾਫ਼ਿਆਂ ਦਾ ਮੂੰਹ ਬੰਨ੍ਹ ਕੇ ਹੇਠੋਂ ਖੂੰਜੇ ਕੱਟ ਦਿਉ। 15-20 ਦਿਨ ਪਾਣੀ ਦੇਣ ਦੀ ਕੋਈ ਲੋੜ ਨਹੀਂ ਪੈਂਦੀ। ਇਸ ਸਮੇਂ ਦੌਰਾਨ ਉੱਲੀ ਫੈਲਣ ਤੋਂ ਬਾਅਦ ਲਿਫ਼ਾਫ਼ੇ ਕੱਟ ਕੇ ਅਲੱਗ ਕਰ ਦਿਉ ਅਤੇ ਮੌਸਮ ਦੇ ਹਿਸਾਬ ਨਾਲ ਇੱਕ ਜਾਂ ਦੋ ਵਾਰੀ ਪਾਣੀ ਪਾਉ। ਇਹ ਫ਼ਸਲ 30-35 ਦਿਨ ਚਲਦੀ ਹੈ। ਇਸ ਦੀਆਂ ਦੋ ਕਿਸਮਾਂ ਸਫ਼ੈਦ ਢੀਂਗਰੀ ਅਤੇ ਭੂਰੀ ਬੀਜੀ ਜਾਂਦੀ ਹੈ। ਇੱਕ ਕਿਲੋ ਤੂੜੀ ਵਿੱਚੋਂ 400-500 ਗ੍ਰਾਮ ਢੀਂਗਰੀ ਨਿਕਲਦੀ ਹੈ।

ਖੁੰਬਾਂ ਦੀ ਤੁੜਾਈ ਤੇ ਸਾਂਭ-ਸੰਭਾਲ

ਜਦੋਂ ਖੁੰਬਾਂ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਡੰਡੀ 4-5 ਸੈਂਟੀਮੀਟਰ ਲੰਬੀ ਹੋ ਜਾਂਦੀ ਹੈ। ਖੁੰਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਉ ਅਤੇ ਤੋੜ ਲਉ। ਤੋੜੀਆਂ ਹੋਈਆਂ ਖੁੰਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋਂ ਕਰੋ। ਖੁੰਬਾਂ ਹਰ ਰੋਜ਼ ਤੋੜਨੀਆਂ ਜ਼ਰੂਰੀ ਹਨ।

ਜਾਣਕਾਰੀ ਅਤੇ ਬੀਜ

ਖੁੰਬਾਂ ਦੀ ਕਾਸ਼ਤ ਬਾਰੇ ਜਾਣਕਾਰੀ ਲੈਣ ਅਤੇ ਖੁੰਬਾਂ ਦਾ ਬੀਜ ਲੈਣ ਲਈ ਮਾਈਕਰੋਬਾਈਲੋਜੀ ਵਿਭਾਗ ਜਾਂ ਪਸਾਰ ਸਿੱਖਿਆ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ, ਖੁੰਬ ਪ੍ਰੋਜੈਕਟ ਚੰਬਾ ਘਾਟੀ ਸੋਲਨ, ਦਫ਼ਤਰ ਡਿਪਟੀ ਡਾਈਰੈਕਟਰ ਬਾਗ਼ਬਾਨੀ ਵਿਭਾਗ ਬਾਰਾਂਦਾਰੀ ਬਾਗ਼, ਪਟਿਆਲਾ ਅਤੇ ਦਫ਼ਤਰ ਡਿਪਟੀ ਡਾਈਰੈਕਟਰ ਜਲੰਧਰ ਛਾਉਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਕਈ ਪ੍ਰਾਈਵੇਟ ਫਰਮਾਂ ਵੀ ਖੁੰਬਾਂ ਦਾ ਬੀਜ ਤਿਆਰ ਕਰਕੇ ਖੁੰਬਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਦੇ ਰਹੀਆਂ ਹਨ।

ਸਰਕਾਰੀ ਤੌਰ ’ਤੇ ਮਾਲੀ ਮਦਦ

ਬਾਗ਼ਬਾਨੀ ਵਿਭਾਗ ਵੱਲੋਂ ਖੁੰਬਾਂ ਦੀ ਕਾਸ਼ਤ ਨੂੰ ਪ੍ਰਫੱਲਿਤ ਕਰਨ ਲਈ ਕੌਮੀ ਬਾਗ਼ਬਾਨੀ ਮਿਸ਼ਨ ਸਕੀਮ ਅਧੀਨ ਕਿਸਾਨਾਂ ਨੂੰ ਖੁੰਬ ਪ੍ਰਾਜੈਕਟ ਲਗਵਾਏ ਜਾਂਦੇ ਹਨ। ਲੋਕਾਂ ਨੂੰ ਘਰੇਲੂ ਬਗ਼ੀਚੀ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਬਾਗ਼ਬਾਨੀ ਵਿਭਾਗ ਵੱਲੋਂ ਢੀਂਗਰੀ ਖੁੰਭਾਂ ਦੇ ਬੀਜ ਲੋਕਾਂ ਨੂੰ ਮਿਆਰੀ ਕੀਮਤ ਦੇ ਉਪਲਬਦ ਕਰਵਾਏ ਜਾਂਦੇ ਹਨ। 13 ਰੁਪਏ ਪ੍ਰਤੀ ਪੈਕਟ ਦੀ ਦਰ ਨਾਲ ਬਿਨਾ ਕਿਸੇ ਲਾਭ-ਹਾਨੀ ਦੇ ਇਹ ਪੈਕਟ ਆਪਣੀ ਪ੍ਰਯੋਗਸ਼ਾਲਾ ਵਿੱਚ ਤਿਆਰ ਕਰਵਾ ਕੇ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ। ਬਾਗ਼ਬਾਨੀ ਵਿਭਾਗ ਖੁੰਬ ਉਤਪਾਦਨ ਲਈ ਵਪਾਰਕ ਯੂਨਿਟ ਸਥਾਪਿਤ ਕਰਨ ਵਾਲੇ ਕਿਸਾਨਾਂ ਨੂੰ ਲਾਗਤ ਮੁੱਲ 20 ਲੱਖ ਰੁਪਏ 40 ਫ਼ੀਸਦੀ ਸਬਸਿਡੀ ਨਾਲ ਦਿੰਦਾ ਹੈ। ਇਸ ਤਰ੍ਹਾਂ ਖੁੰਬ ਦਾ ਬੀਜ, ਜਿਸ ਨੂੰ ਸਪਾਨ ਕਿਹਾ ਜਾਂਦਾ ਹੈ, ਨੂੰ ਤਿਆਰ ਕਰਨ ਦੇ 15 ਲੱਖ ਦੀ ਲਾਗਤ ਵਾਲੇ ਯੂਨਿਟ ਦੀ ਸਥਾਪਨਾ ਲਈ ਵੀ ਬਾਗ਼ਬਾਨੀ ਵਿਭਾਗ 40 ਫ਼ੀਸਦੀ ਮਦਦ ਕਰਦਾ ਹੈ। ਇਸੇ ਤਰ੍ਹਾਂ ਕੰਪੋਸਟ ਯੂਨਿਟ ਦਾ ਕੁਲ ਲਾਗਤ ਮੁੱਲ 20 ਲੱਖ ਰੁਪਏ ਦਾ 40 ਫ਼ੀਸਦੀ ਸਬਸਿਡੀ ਦੇ ਰੂਪ ਵਿੱਚ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਪਰ ਪੰਜਾਬ ਵਿੱਚ ਖੁੰਭ ਦਾ ਬੀਜ ਅਤੇ ਕੰਪੋਸ਼ਟ ਤਿਆਰ ਕਰਨ ਵਾਲੇ ਵੱਡੇ ਪ੍ਰੋਜੈਕਟ ਬਹੁਤ ਹੀ ਘੱਟ ਲਾਏ ਜਾ ਰਹੇ ਹਨ।

Leave a Reply

Your email address will not be published. Required fields are marked *

*