ਇਸ ਕਿਸਾਨ ਕੋਲ ਹੈ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦਾ ਤਰੀਕਾ – ਸ਼ੇਅਰ ਜਰੂਰ ਕਰੋ

ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਵਿਚਲੇ ਪਿੰਡ ਰਾਜੋਆਣਾ ਕਲਾਂ ਦਾ ਨਿਵਾਸੀ ਕਿਸਾਨ ਜਗਦੀਪ ਸਿੰਘ ਅਜਿਹਾ ਕਿਸਾਨ ਹੈ ਜਿਸ ਨੇ ਆਪਣੇ ਖੇਤਾਂ ਵਿਚਲੀ ਰਹਿੰਦ-ਖੂੰਹਦ ਕਦੇ ਵੀ ਨਹੀਂ ਸਾੜੀ ਤੇ ਉਸ ਦਾ ਦਾਅਵਾ ਹੈ ਕਿ ਉਹ ਉਨ੍ਹਾਂ ਕਿਸਾਨਾਂ ਨਾਲੋਂ ਆਪਣੀਆਂ ਫ਼ਸਲਾਂ ਤੋਂ ਵੱਧ ਝਾੜ ਲੈਂਦਾ ਹੈ ਜਿਹੜੇ ਝੋਨੇ ਦੀ ਪਰਾਲੀ ਜਾਂ ਕਣਕ ਦਾ ਨਾੜ ਖੇਤਾਂ ‘ਚ ਸਾੜਦੇ ਹਨ।

ਜਗਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਬਾਕੀ ਕਿਸਾਨਾਂ ਨੂੰ ਵੀ ਪ੍ਰੇਰਦਾ ਆ ਰਿਹਾ ਹੈ ਪਰ ਉਸ ਨੂੰ ਦੁੱਖ ਹੈ ਕਿ ਕਿਸਾਨ ਅਗਿਆਨਤਾ ਤੇ ਅਨਪੜ੍ਹਤਾ ਦੇ ਕਾਰਨ ਅੱਗ ਦੇ ਰੁਝਾਨ ਤੋਂ ਪਿਛਾਂਹ ਨਹੀਂ ਮੁੜ ਰਹੇ।

ਜਗਦੀਪ ਸਿੰਘ ਦਾ ਤਰਕ ਹੈ ਕਿ ਫ਼ਸਲਾਂ ਦੀ ਰਹਿੰਦ-ਖ਼ੂੰਹਦ ਖੇਤਾਂ ‘ਚ ਸਾੜਨੀ ਕਿਸਾਨ ਭਰਾਵਾਂ ਦੀ ਕੋਈ ਮਜਬੂਰੀ ਨਹੀਂ ਸਗੋਂ ਇਹ ਵੱਡੀ ਬੇਸਮਝੀ ਦਾ ਨਤੀਜਾ ਹੈ। ਉਸ ਨੂੰ ਇਸ ਮਾਮਲੇ ‘ਚ ਸਰਕਾਰਾਂ ਵੱਲੋਂ ਧਾਰੀ ਚੁੱਪ ਭੱਖੜੇ ਦੇ ਕੰਡੇ ਵਾਂਗ ਚੁੱਭਦੀ ਹੈ ਤੇ ਆਖਦਾ ਹੈ ਕਿ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਰਕਾਰਾਂ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀਆਂ ਜਿਸ ਕਾਰਨ ਪੰਜਾਬ ਦੀ ਹਿੱਕ ‘ਤੇ ਹਰ 6 ਮਹੀਨੇ ਬਾਅਦ ਮੱਚਦੇ ਅੱਗ ਦੇ ਭਾਂਬੜ ਸਾਡੇ ਭਵਿੱਖ਼ ਦਾ ਦਾਹ-ਸੰਸਕਾਰ ਕਰ ਰਹੇ ਹਨ।

ਜਗਦੀਪ ਸਿੰਘ ਦਾ ਕਹਿਣਾ ਹੈ ਕਿ ਰਹਿੰਦ-ਖ਼ੂੰਹਦ ਨੂੰ ਲਗਾਈ ਜਾਂਦੀ ਅੱਗ ਕਾਰਨ ਧਰਤੀ ਉੱਪਰਲੀ ਸਤ੍ਹਾ ਦੀ ਰਚਨਾ ਬਦਲ ਰਹੀ ਹੈ ਜਿਵੇਂ ਭੱਠੇ ‘ਚ ਤਾਪ ਨਾਲ ਇੱਟਾਂ ਦੀ ਰਚਨਾ ਬਦਲਦੀ ਹੈ। ਫ਼ਲਸਰੂਪ ਧਰਤੀ ਸਖ਼ਤ ਹੋ ਰਹੀ ਹੈ ਤੇ ਉਸ ਅੰਦਰ ਪਾਣੀ ਸਮਾਉਣ ਦੀ ਸਮਰੱਥਾ ਘਟ ਰਹੀ ਹੈ।

ਜਗਦੀਪ ਸਿੰਘ ਦਾ ਆਖਣਾ ਕਿ ਕਣਕ ਦੀ ਵਢਾਈ ਤੋਂ ਬਾਅਦ ਜੇਕਰ ਕਿਸਾਨ ਨਾੜ ‘ਚ ਹਰੀ ਖਾਦ ਲਈ ਯੰਤਰ ਜਾਂ ਬਾਜਰਾ ਬੀਜਣ ਤੇ ਝੋਨੇ ਦੀ ਲਵਾਈ ਸਮੇਂ ਇਨ੍ਹਾਂ ਨੂੰ ਖੇਤਾਂ ‘ਚ ਵਾਹ ਕੇ ਤਿਆਰੀ ਕਰਨ ਤਾਂ ਹੈਰਾਨੀਜਨਕ ਸਿੱਟੇ ਸਾਹਮਣੇ ਆਉਂਦੇ ਹਨ ਤੇ 6 ਘੰਟੇ ਦੀ ਬਿਜਲੀ ਸਪਲਾਈ ਨਾਲ ਇਕ ਮੋਟਰ ਸਦਕਾ 10 ਏਕੜ ਵਿਚਲਾ ਝੋਨਾ ਬੜੇ ਆਰਾਮ ਨਾਲ ਪਲ ਜਾਂਦਾ ਹੈ।

ਉਸ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦੀ ਖੇਤੀਬਾੜੀ ‘ਚ ਘਟੀ ਦਿਲਚਸਪੀ ਦਾ ਹੀ ਨਤੀਜਾ ਹੈ ਕਿ ਉਹ ਰਹਿੰਦ-ਖ਼ੂੰਹਦ ਨੂੰ ਅੱਗ ਦੀ ਭੇਟ ਤਾਂ ਕਰ ਦਿੰਦੇ ਹਨ ਪਰ ਉਪਜਾਊ ਜ਼ਮੀਨ ਦੇ ਹੋ ਰਹੇ ਨੁਕਸਾਨ ਦਾ ਉਨ੍ਹਾਂ ਨੂੰ ਇਲਮ ਨਹੀਂ ਹੈ। ਅੱਗ ਨਾਲ ਜ਼ਮੀਨ ਵਿਚਲੀ ਉਪਜਾਊ ਸ਼ਕਤੀ ਹੀ ਨਹੀਂ ਘਟਦੀ ਸਗੋਂ ਫ਼ਸਲ ਦੇ ਵਿਕਾਸ ਲਈ ਅਹਿਮ ਮੰਨੇ ਜਾਂਦੇ ਕੀੜੇ-ਮਕੌੜਿਆਂ ਦਾ ਵੀ ਖ਼ਾਤਮਾ ਹੁੰਦਾ ਹੈ ਜਿਨ੍ਹਾਂ ਨੇ ਦੁਸ਼ਮਣ ਕੀੜਿਆਂ ਨੂੰ ਫ਼ਸਲ ਦਾ ਨੁਕਸਾਨ ਕਰਨ ਤੋਂ ਰੋਕਣਾ ਹੁੰਦਾ ਹੈ। ਫ਼ਸਲਾਂ ਦਾ ਵਾਧਾ ਰੁਕ ਰਿਹਾ ਹੈ ਤੇ ਫ਼ਸਲਾਂ ਦੇ ਜ਼ਰੂਰੀ ਤੱਤ ਗੈਸਾਂ ‘ਚ ਬਦਲ ਰਹੇ ਹਨ। ਖ਼ਾਸ ਕਰਕੇ ਯੂਰੀਆ ਖਾਦ ਦੇ ਸਾਰੇ ਤੱਤ ਗੈਸਾਂ ‘ਚ ਬਦਲ ਰਹੇ ਹਨ।

ਕਿਸਾਨ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਅਗਿਆਨਤਾ ਵੱਸ ਕਿਸਾਨ ਵੀਰ ਰਟਿਆ-ਰਟਾਇਆ ਜਵਾਬ ਦਿੰਦੇ ਹਨ ਕਿ ਇਹ ਵਿਧੀ ਅਪਣਾਉਣ ਨਾਲ ਨਾਜਾਇਜ਼ ਖ਼ਰਚਾ ਆਉਂਦਾ ਹੈ ਪਰ ਉਹ ਇਹ ਨਹੀਂ ਸੋਚਦੇ ਕਿ ਬਾਅਦ ‘ਚ ਉਨ੍ਹਾਂ ਨੂੰ ਖਾਦਾਂ, ਕੀਟ ਨਾਸ਼ਕਾਂ, ਨਦੀਨ ਨਾਸ਼ਕਾਂ, ਸਪਰੇਆਂ ਵਗੈਰਾ ‘ਤੇ ਜਿੰਨਾਂ ਖ਼ਰਚਾ ਕਰਨਾ ਪੈਂਦਾ ਹੈ, ਉਸ ਦਾ ਪੰਜਵਾਂ ਹਿੱਸਾ ਵੀ ਹਰੀ ਖਾਦ ਵਾਲੀ ਵਿਧੀ ਅਪਣਾਉਣ ‘ਤੇ ਨਹੀਂ ਆਉਂਦਾ।

ਇਸ ਅਗਾਂਹਵਧੂ ਕਿਸਾਨ ਦਾ ਆਖਣਾ ਹੈ ਕਿ ਕਿਸਾਨ ਵੀਰ ਲਕੀਰ ਦੇ ਫ਼ਕੀਰ ਬਣ ਜਿੱਥੇ ਮਹਿੰਗੀਆਂ ਜ਼ਹਿਰੀਲੀਆਂ ਸਪਰੇਆਂ ਤੇ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਆਪਣਾ ਝੁੱਗਾ ਚੌੜ ਕਰਵਾ ਰਹੇ ਹਨ, ਉੱਥੇ ਜਨਸਮੂਹ ਲਈ ਜ਼ਹਿਰੀਲਾ ਵਾਤਾਵਰਨ ਸਿਰਜਣ ਤੋਂ ਇਲਾਵਾ ਕੁਦਰਤ ਨਾਲ ਵੱਡਾ ਖਿਲਵਾੜ ਵੀ ਕਰੀ ਜਾ ਰਹੇ ਹਨ।

ਇਸ ਅਗਾਂਹਵਧੂ ਕਿਸਾਨ ਦਾ ਦਾਅਵਾ ਹੈ ਕਿ ਜੇਕਰ ਕਿਸਾਨ ਭਰਾ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਹਰੀ ਖਾਦ ਸਮੇਤ ਉਸ ਨੂੰ ਖੇਤਾਂ ‘ਚ ਵਾਹ ਝੋਨੇ ਦੀ ਲਵਾਈ ਕਰਨ ਤਾਂ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਉਹ ਸੰਤੁਸ਼ਟੀਜਨਕ ਝਾੜ ਪ੍ਰਾਪਤ ਕਰਨਗੇ।

Leave a Reply

Your email address will not be published. Required fields are marked *

*

x

Check Also

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ ...